ਮਾਨਸਾ( ਪੰਜਾਬ ਦੈਨਿਕ ਨਿਊਜ਼ ) ਗੁਰਜੰਟ ਸਿੰਘ ਬਾਜੇਵਾਲੀਆ: ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਬਾਰੇ ਟਿੱਪਣੀ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਫਾਸਿਸਟ ਸੰਘ-ਬੀਜੇਪੀ ਦੀ ਲੀਡਰਸ਼ਿਪ – ਖਾਸ ਕਰ ਪ੍ਰਧਾਨ ਮੰਤਰੀ ਮੋਦੀ ਤੇੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੰਕਾਰ ਤੋੜਨ ਲਈ ਬੰਗਾਲ ਦੇ ਵੋਟਰਾਂ ਨੂੰ ਭਰਪੂਰ ਵਧਾਈ ਦਿੱਤੀ ਹੈ। ਪਾਰਟੀ ਨੇ ਕੇਰਲ ਵਿਚ ਖੱਬੇ ਮੋਰਚੇ ਵਲੋਂ ਮੁੜ ਜਿੱਤ ਹਾਸਲ ਕਰਨ ਉਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਇਥੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਹੈਡਕੁਆਰਟਰ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੰਗਾਲ ਵਿਚ ਬੀਜੇਪੀ ਨੇ ਇਹ ਚੋਣ ਪ੍ਰਧਾਨ ਮੰਤਰੀ ਮੋਦੀ ਦੇ ਨਾਂ ਉਤੇ ਹੀ ਲੜੀ ਸੀ। ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਵਲੋਂ ਬੰਗਾਲ ਨੂੰ ਜਿੱਤਣ ਲਈ ਕੋਰੋਨਾ ਦੀ ਲਾਗ ਦੇ ਤੇਜ਼ ਫੈਲਾਅ ਨੂੰ ਮੌਕਾ ਦਿੰਦਿਆਂ ਅਨੇਕਾਂ ਵੱਡੀਆਂ ਰੈਲੀਆਂ ਕੀਤੀਆਂ, ਚੋਣ ਕਮਿਸ਼ਨ ਤੇ ਹਥਿਆਰਬੰਦ ਬਲਾਂ ਦੀ ਦੁਰਵਰਤੋਂ ਕੀਤੀ। ਉਨਾਂ ਵੋਟਰਾਂ ਦਾ ਫਿਰਕੂ ਧਰੁਵੀਕਰਨ ਕਰਨ ਸਮੇਤ ਹਰ ਨਜਾਇਜ਼ ਹਰਬਾ ਵਰਤਿਆ ਅਤੇ ਕਾਰਪੋਰੇਟ ਕੰਪਨੀਆਂ ਤੋਂ ਲਿਆ ਪੈਸਾ ਪਾਣੀ ਵਾਂਗ ਵਹਾਇਆ। ਇਥੋਂ ਤੱਕ ਕਿ ਰਵਾਇਤੀ ਬੰਗਾਲੀ ਸਮਾਜ ਨੂੰ ਪ੍ਰਭਾਵਿਤ ਕਰਨ ਲਈ ਟੈਗੋਰ ਵਰਗਾ ਲੱਗਣ ਹਿੱਤ ਅਪਣੀ ਦਾੜੀ ਤੱਕ ਵਧਾ ਲਈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਾਣ ਮਰਿਯਾਦਾ ਨੂੰ ਤਾਕ ਉਤੇ ਰਖਦਿਆਂ ਮੌਜੂਦਾ ਸਮੇਂ ਦੇਸ਼ ਵਿਚਲੀ ਇਕੋ ਇਕ ਔਰਤ ਮੁੱਖ ਮੰਤਰੀ ਮਮਿਤਾ ਬੈਨਰਜੀ ਦਾ ਮਜ਼ਾਕ ਉਡਾਉਣ ਲਈ ਸੜਕ ਛਾਪ ਗੁੰਡਿਆਂ ਵਾਲੀ ਭਾਸ਼ਾ ਵਰਤਣ ਤੋਂ ਵੀ ਗ਼ੁਰੇਜ਼ ਨਹੀਂ ਕੀਤਾ। ਪਰ ਬੰਗਾਲ ਦੀ ਜਨਤਾ ਵਲੋਂ ਅਪਣੇ ਵੋਟ ਦੇ ਸੰਵਿਧਾਨਕ ਹੱਕ ਰਾਹੀਂ ਮੋਦੀ ਤੇ ਸ਼ਾਹ ਦੇ ਅਜਿਹੇ ਸਾਰੇ ਹੱਥਕੰਡਿਆਂ ਦਾ ਜਿਹੋ ਜਿਹਾ ਕਰਾਰਾ ਜਵਾਬ ਦਿੱਤਾ ਹੈ, ਉਸ ਤੋਂ ਬਾਦ ਇੰਨਾਂ ਨੂੰ ਨੈਤਿਕ ਆਧਾਰ ‘ਤੇ ਤੁਰੰਤ ਅਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ।

.

LEAVE A REPLY