ਮਾਨਸਾ/ਬਾਘਾਪੁਰਾਣਾ :ਗੁਰਜੰਟ ਸਿੰਘ ਬਾਜੇਵਾਲੀਆ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬਾਘਾਪੁਰਾਣਾ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਪਹੁੰਚ ਕੇ ਕਿਸਾਨਾਂ ਨਾਲ ਡਟੇ ਰਹਿਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਉਹ ਦਿੱਲੀ ਵਿੱਚ ਹਨ, ਕਿਸਾਨ ਕੋਈ ਫਿਕਰ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਅੰਦੋਲਨ ਦਾ ਹਿੱਸਾ ਬਣੇ। ਇਸ ਕਰਕੇ ਹੁਣ ਬੀਜੇਪੀ ਸਰਕਾਰ ਉਨ੍ਹਾਂ ਨੂੰ ਤੰਗ ਕਰ ਰਹੀ ਹੈ।

ਕੇਜਰੀਵਾਲ ਨੇ ਪੰਜਾਬੀਆਂ ਦਾ ਖੂਬ ਤਾਰੀਫਾਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਸਲੂਟ ਕਰਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਿਰੁੱਧ ਆਵਾਜ਼ ਪੰਜਾਬ ਤੋਂ ਹੀ ਉੱਠੀ। ਹੁਣ ਇਹ ਅੰਦੋਲਨ ਦੇਸ਼ ਭਰ ਵਿੱਚ ਫੈਲ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਅੰਦਰ ਕੋਈ ਲਹਿਰ ਪੈਦਾ ਹੋਈ ਹੈ ਤਾਂ ਉਸ ਦੀ ਅਗਵਾਈ ਪੰਜਾਬ ਦੇ ਲੋਕਾਂ ਨੇ ਕੀਤੀ। ਕੇਜਰੀਵਾਲ ਨੇ ਕਿਸਾਨਮਹਾਪੰਚਾਇਤ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕਿਸਾਨ ਸੰਘਰਸ਼ ’ਚ ਸ਼ਹੀਦ ਸੂਬੇ ਦੇ 282 ਕਿਸਾਨਾਂ ਤੇ ਬੀਬੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸਾਨ ਦੇਸ਼ਧ੍ਰੋਹੀ ਨਹੀਂ ਹੋ ਸਕਦਾ ਤੇ ਕਿਸਾਨਾਂ ਲਈ ਖੇਤੀਬਾੜੀ ਕਾਨੂੰਨ ਮੌਤ ਦੇ ਵਾਰੰਟ ਹਨ। ਅੱਜ ਦੇਸ਼ ਦਾ ਕਿਸਾਨ ਬਹੁਤ ਪੀੜਾ ਵਿੱਚ ਹੈ। ਕਿਸਾਨਾਂ ਦੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਜਾਇਜ਼ ਕਰਾਰ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਖ਼ਿਲਾਫ਼ ਵੀ ਪੰਜਾਬ ਤੋਂ ਅਵਾਜ਼ ਉੱਠੀ ਤੇ ਅੱਜ ਇਹ ਸੰਘਰਸ਼ ਪੂਰੇ ਦੇਸ਼ ’ਚ ਫੈਲ ਗਿਆ ਹੈ। ਉਹ ਕਿਸਾਨਾਂ ਦੇ ਨਾਲ ਹਨ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦਿੱਲੀ ਵਿੱਚ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕਣ ਲਈ 9 ਸਟੇਡੀਅਮ ਨੂੰ ਆਰਜ਼ੀ ਜੇਲ੍ਹ ਬਣਾਉਣ ਦੀ ਮਨਜੂਰੀ ਮੰਗੀ ਸੀ। ਮੋਦੀ ਸਰਕਾਰ ਕੋਲ ਸਟੇਡੀਅਮ ਨੂੰ ਜੇਲ੍ਹ ਬਣਾਉਣ ਦਾ ਅਧਿਕਾਰ ਨਾ ਹੋਣ ਕਾਰਨ ਤੇ ਉਨ੍ਹਾਂ ਵੱਲੋਂ ਇਨਕਾਰ ਕਰਨ ਉੱਤੇ ਕੇਂਦਰ ਸਰਕਾਰ ਉਨ੍ਹਾਂ ਉੱਤੇ ਖਫ਼ਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਕਾਨੂੰਨ ਪਾਸ ਕਰਵਾਏ ਹਨ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਮਗਰੋਂ ਕਿਸਾਨਾਂ ਦੀ ਬਚੀ ਹੋਈ ਖੇਤੀ ਕੇਂਦਰ ਸਰਕਾਰ ਤਿੰਨ-ਚਾਰ ਪੂੰਜੀਪਤੀ ਸਾਥੀਆਂ ਦੇ ਹੱਥਾਂ ਵਿਚ ਸੌਂਪਣਾ ਚਾਹੁੰਦੀ ਹੈ।

ਕੇਜਰੀਵਾਲ ਨੇ ਸੂਬੇ ਦੀ ਕੈਪਟਨ ਸਰਕਾਰ ਨੂੰ ਨਿਸ਼ਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾਂ 2017 ਵਿੱਚ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਮੈਂ ਦਿੱਲੀ ਵਿਚ ਸੱਤਾ ਵਿਚ ਆਇਆ ਸੀ, ਪੰਜ ਸਾਲਾਂ ਬਾਅਦ, ਬਿਜਲੀ ਕੰਪਨੀਆਂ ਠੀਕ ਹੋ ਗਈਆਂ ਸਨ। ਪਹਿਲਾਂ 20-20 ਹਜਾਰ ਦੇ ਬਿੱਲ ਦਿੱਲੀ ਆਉਂਦੇ ਸਨ, ਅੱਜ ਦਿੱਲੀ ਮੁਫ਼ਤ ਤੇ 24 ਘੰਟੇ ਬਿਜਲੀ ਪ੍ਰਾਪਤ ਕਰਦੀ ਹੈ। ਉਨ੍ਹਾਂ ਨੇ ਅਕਾਲੀ ਦਲ ਤੇ ਕਾਂਗਰਸ ਸਰਕਾਰ ’ਤੇ ਵਰਦੇ ਹੋਏ ਕਿਹਾ ਕਿ ਜਦੋਂ 2022 ’ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਸੂਬੇ ’ਚ ਨਵਾਂ ਪੰਜਾਬ ਉਸਾਰਾਂਗੇ ਤੇ ਦਿੱਲੀ ਦੀ ਤਰਜ ਉੱਤੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ।

LEAVE A REPLY