ਗੁਰਜੰਟ ਸਿੰਘ ਬਾਜੇਵਾਲੀਆ:- ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ’ਚ ਪਿੰਡ ਤਲਵੰਡੀ ਅਕਲੀਆ ਦੀਆਂ ਮਹਿਲਾਵਾਂ ਹੁਣ ਦੋਵੇਂ ਬਾਹਾਂ ਉਤਾਂਹ ਚੁੱਕਕੇ ਮੋਦੀ ਨੂੰ ਲਲਕਾਰਦੀਆਂ ਹਨ। ਹਰ ਛੋਟੀ ਤੋਂ ਵੱਡੀ ਉਮਰ ਦੀ ਮਹਿਲਾ ਨੂੰ ਦਿੱਲੀ ਮੋਰਚੇ ’ਚ ਸ਼ਾਮਿਲ ਹੋਣ ਲਈ ਕਾਹਲ ਰਹਿੰਦੀ ਹੈ। ਇਸ ਪਿੰਡ ਦੀਆਂ ਮਹਿਲਾਵਾਂ ਦੇ ਸੰਘਰਸ਼ ਪ੍ਰਤੀ ਜ਼ਜਬੇ ਦਾ ਹੀ ਨਤੀਜ਼ਾ ਹੈ ਕਿ ਵਿਸ਼ਵ ਪ੍ਰਸਿੱਧ ਟਾਈਮ ਮੈਗਜ਼ੀਨ ਨੇ ਵੀ ਦਿੱਲੀ ਮੋਰਚੇ ’ਚ ਸ਼ਾਮਿਲ ਹੋਈਆਂ ਮਹਿਲਾਵਾਂ ਨੂੰ ਆਪਣੇ ਕਵਰ ਪੇਜ਼ ’ਤੇ ਫੋਟੋ ਲਗਾ ਕੇ ਮਾਣ-ਸਤਿਕਾਰ ਦਿੱਤਾ। ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿਣ ਵਾਲੀ ਸੰਸਥਾ ਖਾਲਸਾ ਏਡ ਦੇ ਰਵੀ ਸਿੰਘ ਨੇ ਵੀ ਪਿੰਡ ਵਾਸੀਆਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਉਨਾਂ ਦੇ ਜਜਬੇ ਨੂੰ ਸਲਾਮ ਕੀਤਾ।

ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਰਵੀ ਸਿੰਘ ਨੇ ਆਖਿਆ ਕਿ ਬੜੇ ਮਾਣ ਮਹਿਸੂਸ ਹੋਇਆ ਜਦੋਂ ਦੇਖਿਆ ਕਿ ਦੁਨੀਆਂ ਦੀ ਵੱਡੀ ਮੈਗਜ਼ੀਨ ’ਚ ਪਿੰਡ ਦੀਆਂ ਮਹਿਲਾਵਾਂ ਦੀ ਕਵਰ ਪੇਜ਼ ’ਤੇ ਫੋਟੋ ਲੱਗੀ। ਉਨਾਂ ਪਿੰਡ ਵਾਸੀਆਂ ਤੋਂ ਪੁੱਛਿਆ ਕਿ ਸੰਘਰਸ਼ ’ਚ ਵਾਰੀ-ਵਾਰੀ ਜਾਂਦੇ ਹੋ ਜਾਂ ਕਿਸ ਤਰਾਂ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਵਾਰੀ-ਵਾਰੀ ਖੇਤੀ ਅੰਦੋਲਨ ’ਚ ਸ਼ਾਮਿਲ ਹੁੰਦੇ ਹਨ। ਸ੍ਰ. ਰਵੀ ਸਿੰਘ ਨੇ ਦੱਸਿਆ ਕਿ ਅਜਿਹੇ ਮੈਗਜ਼ੀਨ ਕਦੇ-ਕਦੇ ਇਸ ਤਰਾਂ ਦੀ ਕਵਰੇਜ਼ ਕਰਦੇ ਹਨ ਤੇ ਤੁਸੀਂ ਇਸ ਮੈਗਜ਼ੀਨ ਦਾ ਹਿੱਸਾ ਬਣਕੇ ਸਭ ਦਾ ਸਿਰ ਮਾਣ ਨਾਲ ਉੱਚਾ ਕੀਤਾ।

ਉਨਾਂ ਮੋਰਚੇ ’ਚ ਸ਼ਾਮਿਲ ਹੋ ਕੇ ਵਾਪਿਸ ਪਰਤੀਆਂ ਅਤੇ ਮੈਗਜ਼ੀਨ ਦੀ ਫੋਟੋ ’ਚ ਸ਼ਾਮਿਲ ਮਹਿਲਾਵਾਂ ਨਾਲ ਗੱਲਬਾਤ ਕਰਕੇ ਮੋਰਚੇ ਵਾਲੀ ਥਾਂ ’ਤੇ ਮਿਲ ਰਹੀਆਂ ਸਹੂਲਤਾਂ ਆਦਿ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਮਹਿਲਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਮੋਰਚੇ ’ਚ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਸਗੋਂ ਕੇਂਦਰ ਸਰਕਾਰ ਖਿਲਾਫ਼ ਇਸ ਲੜਾਈ ਨੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਹੈ ਤੇ ਉੱਥੇ ਸ਼ਾਮਿਲ ਅੰਦੋਲਨਕਾਰੀ ਆਪਸ ’ਚ ਮਿਲਕੇ ਰਹਿ ਰਹੇ ਹਨ। ਮਹਿਲਾ ਕਿਰਨਜੀਤ ਕੌਰ ਨੇ ਦੱਸਿਆ ਕਿ ਭਾਵੇਂ ਉਹ ਆਪਣੀਆਂ ਦੋ ਛੋਟੀਆਂ ਬੱਚੀਆਂ ਜਜ ਕੌਰ (5 ਸਾਲ) ਤੇ ਮਹਿਤਾਬ ਕੌਰ (5 ਮਹੀਨੇ) ਨਾਲ ਕਿਸਾਨ ਅੰਦੋਲਨ ’ਚ ਸ਼ਾਮਿਲ ਹੋਣ ਲਈ ਗਈ ਸੀ ਪਰ ਉੱਥੇ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਈ।

ਮਹਿਲਾ ਮਹਿੰਦਰ ਕੌਰ ਨੇ ਰਵੀ ਸਿੰਘ ਨਾਲ ਗੱਲਬਾਤ ਦੌਰਾਨ ਹੋਰਨਾਂ ਮਹਿਲਾਵਾਂ ਨੂੰ ਵੀ ਸੁਨੇਹਾ ਦਿੱਤਾ ਕਿ ਉਹ ਵੱਧ ਤੋਂ ਵੱਧ ਇਸ ਅੰਦੋਲਨ ’ਚ ਸ਼ਾਮਿਲ ਹੋਣ। ਹਾੜੀ ਦਾ ਸੀਜ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਰਵੀ ਸਿੰਘ ਨੇ ਪਿੰਡ ਵਾਸੀਆਂ ਨਾਲ ਸਲਾਹ ਮਸ਼ਵਰਾ ਕੀਤਾ ਕਿ ਕਿਤੇ ਇਸ ਤਰਾਂ ਨਾ ਹੋਵੇ ਉੱਥੇ ਸੰਘਰਸ਼ ’ਚ ਕਿਸਾਨਾਂ ਦੀ ਗਿਣਤੀ ਘਟ ਜਾਵੇ ਇਸ ਲਈ ਪਿੰਡਾਂ ’ਚ ਭਾਈਚਾਰਕ ਤੌਰ ’ਤੇ ਇੱਕ-ਦੂਜੇ ਦੇ ਖੇਤੀ ਧੰਦਿਆਂ ’ਚ ਹੱਥ ਵਟਾਇਆ ਜਾਵੇ । ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ  ਜੋ ਕਿਸਾਨ ਵੀਰ ਦਿੱਲੀ ਕਿਸਾਨ ਅੰਦੋਲਨ ’ਚ ਸ਼ਾਮਿਲ ਨੇ ਉਨਾਂ ਦੀ ਕਣਕ ਦੀ ਫਸਲ ਸੰਭਾਲਣ ਦੀ ਜਿੰਮੇਵਾਰੀ ਪਿੰਡ ਦੇ ਨੌਜਵਾਨ ਨਿਭਾਉਣਗੇ ਤੇ ਕਿਸੇ ਦੀ ਫਸਲ ਰੁਲਣ ਨਹੀਂ ਦਿੱਤੀ ਜਾਵੇਗੀ।

.

LEAVE A REPLY