ਜਲੰਧਰ, 20 ਫਰਵਰੀ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੇ ਫਾਇਦਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅੱਜ ਇੱਕ ਮੋਬਾਇਲ ਜਾਗਰੂਕਤਾ ਵੈਨ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਾਗਰੂਕਤਾ ਵੈਨ ਅਗਲੇ 30 ਦਿਨਾਂ ਵਿੱਚ 200 ਦੇ ਕਰੀਬ ਸ਼ਹਿਰੀ ਅਤੇ ਪੇਂਡੂ ਸਥਾਨਾਂ ‘ਤੇ ਜਾਵੇਗੀ। ਉਨ੍ਹਾਂ ਦੱਸਿਆ ਕਿ ਹੋਰ ਜਾਗਰੂਕਤਾ ਸਮੱਗਰੀ ਵੰਡਣ ਤੋਂ ਇਲਾਵਾ ਇਸ ਵੈਨ ਵਿੱਚ ਲੱਗੀ ਐਲ.ਈ.ਡੀ. ਸਕਰੀਨ ‘ਤੇ ਜਾਗਰੂਕਤਾ ਸੰਦੇਸ਼ ਪ੍ਰਦਰਸ਼ਿਤ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਹੱਤਵਪੂਰਣ ਯੋਜਨਾ ਤਹਿਤ ਸੌ ਪ੍ਰਤੀਸ਼ਤ ਵਸੋਂ ਨੂੰ ਕਵਰ ਕਰਨ ਨੂੰ ਪਹਿਲੀ ਤਰਜ਼ੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੀਮ ਅਧੀਨ ਜਲੰਧਰ ਦੀਆਂ ਸਮੁੱਚੀਆਂ 13 ਸਰਕਾਰੀ ਸਿਹਤ ਸੰਸਥਾਵਾਂ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਹਿਲਾਂ ਹੀ ਜੇ ਫਾਰਮਰ ਧਾਰਕ ਕਿਸਾਨਾਂ, ਪੀਲੇ ਕਾਰਡ ਧਾਰਕਾਂ ਅਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਛੋਟੇ ਵਪਾਰੀਆਂ ਨੂੰ ਇਹ ਸਹੂਲਤ ਦੇ ਕੇ ਆਪਣਾ ਦਾਇਰਾ ਵਧਾ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਇਸ ਸਕੀਮ ਅਧੀਨ ਆਪਣਾ ਨਾਮ ਦਰਜ ਕਰਵਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ, ਸੇਵਾ ਕੇਂਦਰਾਂ ਅਤੇ ਸੀਐਸਸੀ ਵਿਖੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ।

ਮੈਡੀਕਲ ਸੁਪਰਡੰਟ ਡਾ. ਪਰਮਿੰਦਰ ਕੌਰ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾਉਂਦਿਆਂ ਕਿਹਾ ਕਿ ਇਸ ਵੈਨ ਵੱਲੋਂ ਅਗਲੇ 30 ਦਿਨਾਂ (20 ਫਰਵਰੀ ਤੋਂ 21 ਮਾਰਚ, 2021) ਤੱਕ ਪੂਰੇ ਜ਼ਿਲ੍ਹੇ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੋਬਾਇਲ ਵੈਨ ਵੱਲੋਂ ਸਮੂਹ ਵਿਕਾਸ ਬਲਾਕਾਂ ਅਤੇ ਸ਼ਹਿਰੀ ਖੇਤਰਾਂ ਦਾ ਦੌਰਾ ਕੀਤਾ ਜਾਵੇਗਾ । ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ, ਐਸਐਮਓ ਅਸ਼ੋਕ ਥਾਪਰ, ਡਾ. ਗੁਰਮੀਤ ਲਾਲ, ਡਾ. ਮੁਕੇਸ਼ ਵਰਮਾ ਅਤੇ ਹੋਰ ਮੌਜੂਦ ਸਨ

LEAVE A REPLY