ਜਲੰਧਰ 3 ਫਰਵਰੀ ( ਮੁਨੀਸ਼ ਤੋਖੀ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 6 ਫਰਵਰੀ ਨੂੰ ਚੱਕਾ ਜਾਮ ਕਰਨ ਸੱਦੇ ਸੰਬੰਧੀ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਆਗੂਆਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ਹਿੰਸਾ ਦੌਰਾਨ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਤੁਰੰਤ ਰਿਹਾਅ ਕਰਵਾਉਣ ਅਤੇ ਕਿਸਾਨ ਆਗੂਆਂ ਤੇ ਦਰਜ ਝੂਠੇ ਪਰਚੇ ਰੱਦ ਕਰਵਾਉਣ, ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਪਰਾਲੀ ਤੇ ਬਿਜਲੀ ਆਰਡੀਨੈਂਸ ਰੱਦ ਕਰਵਾਉਣ, ਸਾਰੀਆਂ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੰਦਾ ਕਾਨੂੰਨ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 6 ਜਨਵਰੀ ਨੂੰ 12 ਤੋਂ 3 ਵਜੇ ਤੱਕ ਜਲੰਧਰ ਪੀਏਪੀ ਚੌਕ,ਟੌਲ ਪਲਾਜ਼ਾ ਫਿਲੌਰ, ਨਕੋਦਰ ਆਲੋਵਾਲ ਢੇਰੀਆਂ ਪੁਲ ਤੇ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਵਪਾਰੀ ਆੜਤੀਆਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੱਕਾ ਜਾਮ ਚ ਵੱਡੀ ਸ਼ਮੂਲੀਅਤ ਲਈ ਅੱਗੇ ਆਉਣ।

ਮੋਦੀ ਸਰਕਾਰ ਇਸ ਅੰਦੋਲਨ ਦੇ ਵਿਸ਼ਾਲ ਰੂਪ ਧਾਰਨ ਤੋਂ ਬੁਰੀ ਤਰ੍ਹਾਂ ਬੁਖਲਾ ਚੁੱਕੀ ਹੈ। ਇਸੇ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕਰਕੇ ਪਹਿਲਾਂ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਤੇ ਹੁਣ ਸੜਕਾਂ ਤੇ ਕੰਡਿਆਲੀ ਤਾਰ ਲਗਾ ਕੇ ਤੇ ਰਸਤਿਆਂ ਚ ਕੰਕਰੀਟ ਕਰਕੇ ਕਿੱਲਾ ਸਰੀਏ ਲਗਾ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਮੌਕੇ ਬੀਕੇਯੂ ਰਾਜੇਵਾਲ ਦੇ ਆਗੂ ਕੁਲਵਿੰਦਰ ਮਛਿਆਣਾ, ਮਨਦੀਪ ਸਿੰਘ ਸਮਰਾਏ, ਅਮਰਜੋਤ ਸਿੰਘ, ਬੀਕੇਯੂ ਕਾਦੀਆਂ ਦੇ ਤੀਰਥ ਸਿੰਘ, ਬਲਵਿੰਦਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਮੱਖਣ ਸਿੰਘ ਪੱਲਣ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਤਰਪ੍ਰੀਤ ਸਿੰਘ ਉੱਪਲ, ਕੁੱਲ ਹਿੰਦ ਕਿਸਾਨ ਸਭਾ ਚਰਨਜੀਤ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਕਸ਼ਮੀਰ ਘੁੱਗਸੋਰ, ਬਲਦੇਵ ਨੂਰਪੁਰੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਮੰਗਲਜੀਤ ਪੰਡੋਰੀ ਆਦਿ ਹਾਜ਼ਰ ਸਨ।

LEAVE A REPLY