ਕੋਰੋਨਾ ਮਹਾਂਮਾਰੀ ਤੋਂ ਹਰੇਕ ਨਾਗਰਿਕ ਦੀ ਕੀਮਤੀ ਜਾਨ ਬਚਾਉਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ: ਸੁਰੇਂਦਰ ਲਾਂਬਾ

SSP ਨੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨਾਲ ਕੀਤੀ ਵਿਸਤ੍ਰਿਤ ਮੀਟਿੰਗ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੁਰੇਂਦਰ ਲਾਂਬਾ ਦੇ ਉਦਮ ਸਦਕਾ ਮਾਨਸਾ ਦੇ 9 ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਕੋਵਿਡ ਦੇ ਪਾਸਾਰ ਨੂੰ ਰੋਕਣ ਵਿੱਚ ਹਰ ਤਰ੍ਹਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਡਾਕਟਰਾਂ ਨੇ ਲੋੜ ਪੈਣ ‘ਤੇ ਆਪਣੇ ਹਸਪਤਾਲਾਂ ਵਿਖੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੋਵਿਡ ਸੈਂਟਰ ਖੋਲ੍ਹਣ ਲਈ ਸਹਿਮਤੀ ਦਿੱਤੀ ਹੈ। ਬੱਚਤ ਭਵਨ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਸਬੰਧਤ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨਾਲ ਅਹਿਮ ਮੀਟਿੰਗ ਦੌਰਾਨ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਐਮਰਜੈਂਸੀ ਦੇ ਇਸ ਦੌਰ ਵਿੱਚ ਜਿਥੇ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਉਤੇ ਜਾਰੀ ਕੀਤੀਆਂ ਜਾਣ ਵਾਲੀਆਂ ਗਾਈਡਲਾਈਨਜ਼ ਦੀ ਪਾਲਣਾ ਹਰੇਕ ਨਾਗਰਿਕ ਦੀ ਨੈਤਿਕ ਜਿੰਮੇਵਾਰੀ ਹੈ ਉਥੇ ਹੀ ਕੋਵਿਡ 19 ਦੀ ਦੂਜੀ ਲਹਿਰ ਦੇ ਤੇਜ਼ੀ ਨਾਲ ਵਧ ਰਹੇ ਪਸਾਰੇ ਨੂੰ ਰੋਕਣ ਲਈ ਉਚਿਤ ਉਪਰਾਲੇ ਕਰਨੇ ਬੇਹੱਦ ਜ਼ਰੂਰੀ ਹੈ ਤਾਂ ਜੋ ਕੋਈ ਵੀ ਨਾਗਰਿਕ ਇਸ ਨਾਮੁਰਾਦ ਵਾਇਰਸ ਕਾਰਨ ਅਜਾਈਂ ਆਪਣੀ ਜਾਨ ਨਾ ਗੁਆ ਸਕੇ। ਐਸ.ਐਸ.ਪੀ ਨੇ ਮੀਟਿੰਗ ਦੌਰਾਨ ਜ਼ਿਲ੍ਹਾ ਮਾਨਸਾ ਦੇ ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਸਬੰਧਤ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਮਹਾਂਮਾਰੀ ਦੇ ਮੌਜੂਦਾ ਸੰਕਟ ਦੇ ਸਮੇਂ ਵਿੱਚ ਹਰੇਕ ਨਾਗਰਿਕ ਦੀ ਸਿਹਤ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਥ ਦਿੰਦੇ ਹੋਏ ਆਪੋ ਆਪਣਾ ਬਣਦਾ ਯੋਗਦਾਨ ਪਾਉਣ।
ਐਸ.ਐਸ.ਪੀ ਨੇ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਹਸਪਤਾਲ ਵਿੱਚ ਆਉਣ ਵਾਲੇ ਹਰੇਕ ਮਰੀਜ਼ ਦਾ ਆਰ.ਟੀ/ਪੀ.ਸੀ.ਆਰ ਟੈਸਟ ਲਾਜ਼ਮੀ ਕੀਤੀ ਜਾਵੇ ਕਿਉਂਕਿ ਕੋਰੋਨਾ ਦਾ ਸ਼ਿਕਾਰ ਹੋਣ ਵਾਲੇ ਬਹੁ ਗਿਣਤੀ ਮਰੀਜ਼ਾਂ ਵਿੱਚ ਜ਼ਿਆਦਾਤਰ ਉਹ ਮਰੀਜ਼ ਦੇਖੇ ਗਏ ਹਨ ਜੋ ਸਮਾਂ ਰਹਿੰਦੇ ਆਪਣਾ ਕੋਰੋਨਾ ਟੈਸਟ ਨਹੀਂ ਕਰਵਾਉਂਦੇ। ਉਨ੍ਹਾਂ ਕਿਹਾ ਕਿ ਦੇਰੀ ਨਾਲ ਕੋਰੋਨਾ ਦਾ ਪਤਾ ਲੱਗਣ ਕਾਰਨ ਮਰੀਜ਼ਾਂ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਜਿਸ ਕਰਕੇ ਇਲਾਜ ਲਈ ਹਸਪਤਾਲ ਭਰਤੀ ਕਰਵਾਉਣਾ ਪੈਂਦਾ ਹੈ। ਐਸ.ਐਸ.ਪੀ ਨੇ ਕਿਹਾ ਕਿ ਕੋਰੋਨਾ ਦੇ ਪਾਸਾਰ ਨੂੰ ਰੋਕਣ ਲਈ ਕੋਰੋਨਾ ਟੈਸਟ ਕਰਵਾਉਣਾ ਸਮੇਂ ਦੀ ਅਹਿਮ ਲੋੜ ਹੈ ਤਾਂ ਜੋ ਮੁਢਲੇ ਸਮੇਂ ਵਿੱਚ ਹੀ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 24 ਘੰਟਿਆਂ ਵਿੱਚ ਹੀ ਕੋਰੋਨਾ ਟੈਸਟ ਦੀ ਰਿਪੋਰਟ ਉਪਲਬਧ ਕਰਵਾਈ ਜਾ ਰਹੀ ਹੈ। ਐਸ.ਐਸ.ਪੀ ਨੇ ਜ਼ਿਲ੍ਹਾ ਪੁਲਿਸ ਦੁਆਰਾ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਬਾਰੇ ਡਾਕਟਰਾਂ ਨੂੰ ਜਾਣੂ ਕਰਵਾਇਆ।
ਐਸ.ਐਸ.ਪੀ ਦੁਆਰਾ ਕੀਤੀ ਗਈ ਅਪੀਲ ਪ੍ਰਤੀ ਸਹਿਮਤ ਹੁੰਦਿਆਂ 9 ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ਆਪਣੇ ਹਸਪਤਾਲਾਂ ਵਿਖੇ ਕੋਵਿਡ ਸੈਂਟਰ ਖੋਲ੍ਹੇ ਜਾਣ ਪ੍ਰਤੀ ਆਪਣੀ ਸਹਿਮਤੀ ਪ੍ਰਗਟਾਈ। ਡਾਕਟਰਾਂ ਨੇ ਕਿਹਾ ਕਿ ਉਹ ਕੋਵਿਡ ਮਰੀਜ਼ਾਂ ਲਈ 40 ਬੈੱਡਾਂ, ਕੁਝ ਆਕਸੀਜਨ ਸਿਲੰਡਰਾਂ ਅਤੇ ਲੋੜ ਪੈਣ ਦੀ ਸੂਰਤ ਵਿੱਚ ਆਪਣੀਆਂ ਅਤੇ ਆਪਣੇ ਪੈਰਾ ਮੈਡੀਕਲ ਸਟਾਫ ਦੀਆਂ ਸੇਵਾਵਾਂ ਵੀ ਮੁਹੱਈਆ ਕਰਵਾਉਣ ਲਈ ਤਿਆਰ ਹਨ। ਐਸ.ਐਸ.ਪੀ ਨੇ ਸਮੂਹ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਹਰੇਕ ਵਰਗ ਅਤੇ ਹਰੇਕ ਨਾਗਰਿਕ ਦਾ ਵਿਅਕਤੀਗਤ ਤੌਰ ‘ਤੇ ਕੋਵਿਡ ਮਹਾਂਮਾਰੀ ਨੂੰ ਰੋਕਣ ਵਿੱਚ ਪਾਇਆ ਜਾਣ ਵਾਲਾ ਸਹਿਯੋਗ ਵਡਮੁੱਲਾ ਸਾਬਿਤ ਹੋਵੇਗਾ ਅਤੇ ਸਾਰੇ ਇੱਕ ਮੰਚ ‘ਤੇ ਇਕੱਠੇ ਹੋ ਕੇ ਹੀ ਇਸ ਮਹਾਂਮਾਰੀ ਦੀ ਚੇਨ ਨੂੰ ਰੋਕਣ ਵਿੱਚ ਕਾਮਯਾਬ ਹੋ ਸਕਦੇ ਹਾਂ।ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ, ਆਈ.ਐਮ.ਏ ਦੇ ਨਾਲ ਸਬੰਧਤ ਨਿੱਜੀ ਹਸਪਤਾਲਾਂ ਦੇ ਡਾਕਟਰ ਵੀ ਮੌਜੂਦ ਸਨ।

LEAVE A REPLY