ਕਰਤਾਰਪੁਰ  (ਪੰਜਾਬ ਦੈਨਿਕ ਨਿਊਜ਼)– ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਵਲੋਂ ਅੱਜ ਏਥੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਉਹਨਾਂ ਨੂੰ ਯਾਦ ਕਰਦਿਆਂ “ਜਾਤ-ਪਾਤ ਅਤੇ ਦਲਿਤ ਮੁਕਤੀ ਦਾ ਸਵਾਲ” ਵਿਸ਼ੇ ਉੱਤੇ ਵਿਚਾਰ-ਚਰਚਾ ਲਈ ਸਭਾ ਕੀਤੀ ਗਈ। ਵਿਚਾਰ-ਚਰਚਾ ਉਪਰੰਤ ਡਾਕਟਰ ਅੰਬੇਡਕਰ ਚੌਂਕ ਤੱਕ ਮਾਰਚ ਵੀ ਕੀਤਾ ਗਿਆ।ਇਸ ਮੌਕੇ ਸਮੂਹ ਲੋਕਾਂ ਨੇ ਪ੍ਰਣ ਕੀਤਾ ਕਿ ਜ਼ਮੀਨ ਅਤੇ ਆਰਥਿਕ ਤੌਰ ਉੱਤੇ ਕੀਤੀ ਕਾਣੀ ਵੰਡ ਦੇ ਖਾਤਮੇ ਲਈ,ਜਾਤ ਪਾਤ ਦੇ ਕੋਹੜ ਨੂੰ ਜੜੋਂ ਪੁੱਟਣ ਲਈ ਜੀਅ ਜਾਨ ਲਗਾਇਆ ਜਾਵੇਗਾ।ਉਨਾਂ ਕਿਹਾ ਕਿ ਜਦੋਂ ਅੱਜ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਬੁਲੰਦ ਹੋਇਆ ਹੈ ਇਸ ਨੂੰ ਹਕੀਕੀ ਪੱਧਰ ਤੇ ਲਾਗੂ ਕਰਨ ਦੀ ਜ਼ਰੂਰਤ ਹੈ।ਇਸ ਵਿਚ ਕਿਸਾਨ ਜਥੇਬੰਦੀਆਂ ਨੂੰ ਪਹਿਲਕਦਮੀ ਕਰਦਿਆਂ ਦਲਿਤਾਂ ਦੇ ਹੱਕਾਂ,ਅਸਲ ਵਿੱਚ ਪੰਚਾਇਤੀ ਜ਼ਮੀਨ ਚੋਂ ਤੀਜਾ ਹਿੱਸਾ ਤੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦਿਵਾਉਣ ਲਈ ਅੱਗੇ ਆਉਣ, ਪਿੰਡ ਦੇ ਸ਼ਮਸ਼ਾਨ ਘਾਟ ਇਕ ਕਰਨ, ਗੁਰਦੁਆਰਾ ਸਾਹਿਬ ਇਕ ਕਰਨ ਤੇ ਇਨ੍ਹਾਂ ਸਭ ਫੈਸਲਿਆਂ ਨੂੰ ਅਮਲ ਵਿੱਚ ਲਾਗੂ ਕਰਨ ਲਈ ਦਲਿਤਾਂ ਨੂੰ ਨਾਲ ਲੈਕੇ ਚੱਲਣ ਨਾਲ ਹੀ ਕਿਸਾਨ ਮਜ਼ਦੂਰ ਏਕਤਾ ਅਮਲ ਵਿੱਚ ਆਵੇਗੀ। ਮੋਦੀ ਸਰਕਾਰ ਜੋ ਫਾਸ਼ੀਵਾਦੀ ਨੀਤੀਆਂ ਤਹਿਤ ਮਜ਼ਦੂਰ ਕਿਸਾਨ ਵਿਰੁੱਧ ਹਮਲੇ ਵਿੱਢ ਰਹੀ ਹੈ,ਉਸਨੂੰ ਠੱਲਿਆ ਜਾ ਸਕਦਾ ਹੈ।

ਆਗੂਆਂ ਕਿਹਾ ਕਿਹਾ ਕਿ ਭਾਜਪਾ ਸਰਕਾਰ ਡਾਕਟਰ ਭੀਮ ਰਾਓ ਅੰਬੇਡਕਰ ਪ੍ਰਤੀ ਨਕਲੀ ਹੇਜ ਵਿਖਾ ਰਹੀ ਹੈ ਜਦੋਂ ਕਿ ਉਹ ਆਪਣੀ ਵਿਚਾਰਧਾਰਾ ਤੇ ਅਮਲਾਂ ਪੱਖੋਂ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਦਲਿਤ ਸਮਾਜ ਦੀ ਕੱਟੜ ਦੁਸ਼ਮਣ ਹੈ । ਉਨ੍ਹਾਂ ਕਿਹਾ ਕਿ ਸੰਨ 2014 ਤੋਂ ਇਸਦੇ ਕੇਂਦਰੀ ਸਤਾ ‘ਚ ਆਉਣ ਤੋਂ ਬਾਅਦ ਦਲਿਤਾਂ ਉਤੇ ਜਾਤਪਾਤੀ ਹਿੰਸਾ ‘ਚ ਤਿੱਖਾ ਵਾਧਾ ਹੋਇਆ ਜਿਸਦੀ ਪੁਸ਼ਟੀ ਨੈਸ਼ਨਲ ਕਰਾਇਮ ਬਿਊਰੋ ਵੱਲੋਂ ਕਰਦਿਆਂ 2015 ਦੇ ਮੁਕਾਬਲੇ 2019 ‘ਚ ਦਲਿਤਾਂ ‘ਤੇ ਜ਼ਬਰ ਦੀਆਂ ਘਟਨਾਵਾਂ ‘ਚ 19 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਰੋਨਾ ਦੀ ਆੜ ਹੇਠ ਲੋਕਾਂ ਨੂੰ ਘਰਾਂ ਵਿੱਚ ਕੈਦ ਕਰਕੇ ਮੋਦੀ ਸਰਕਾਰ ਵਲੋਂ ਲਿਆਂਦੇ ਮਜ਼ਦੂਰ, ਕਿਸਾਨ ਤੇ ਦੇਸ਼ ਵਿਰੋਧੀ ਖੇਤੀ, ਅਨਾਜ ਅਤੇੇ ਭੋਜਨ ਸੁਰੱਖਿਆ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਤੇ ਲੋਕਾਂ ਵਿੱਚ ਭਾਰੀ ਰੋਹ ਕਾਰਨ ਫਾਸ਼ੀਵਾਦੀ ਭਾਜਪਾ ਸਰਕਾਰ ਦਾ ਤਿੱਖਾ ਵਿਰੋਧ ਹੋ ਰਿਹਾ, ਹਰਿਆਣਾ ਦੀ ਖੱਟਰ ਸਰਕਾਰ ਜਨਤਕ ਸਮਾਗਮ ਕਰਨ ਲਈ ਤਰਸ ਰਹੀ ਹੈ ਅਤੇ ਹੁਣ ਅੰਬੇਡਕਰ ਜੈਅੰਤੀ ਦੇ ਬਹਾਨੇ ਉਹ ਇੱਕ ਤੀਰ ਨਾਲ ਕਈ ਸ਼ਿਕਾਰ ਕਰਨਾ ਚਾਹੁੰਦੀ ਸੀ। ਮਜ਼ਦੂਰ, ਕਿਸਾਨ ਜਥੇਬੰਦੀਆਂ ਦੀ ਵਿਰੋਧਤਾ ਕਾਰਨ ਉਸਨੂੰ ਆਪਣੇ ਮਿੱਥੇ ਪ੍ਰੋਗਰਾਮ ਬਦਲਣ ਲਈ ਮਜ਼ਬੂਰ ਹੋਣਾ ਪਿਆ ਹੈ।ਉਨ੍ਹਾਂ ਕਿਹਾ ਕਿ ਹਾਥਰਸ ‘ਚ ਦਲਿਤ ਲੜਕੀ ਦੀ ਜੀਭ ਕੱਟਣ ਅਤੇ ਸਮੂਹਿਕ ਬਲਾਤਕਾਰ ਅਤੇ ਕਤਲ ਕਰਨ ਵਾਲਿਆਂ ਦੇ ਹੱਕ ਚ ਖੜੀ ਹੋਈ ਹੈ। ਭਾਜਪਾ ਹਕੂਮਤ ਭਲਾਂ ਦਲਿਤ ਹਿਤੈਸ਼ੀ ਕਿਵੇਂ ਹੋ ਸਕਦੀ ਹੈ? ਉਹਨਾਂ ਆਸ ਪ੍ਰਗਟਾਈ ਕਿ ਸਮੂਹ ਦਲਿਤ ਭਾਈਚਾਰਾ ਆਰ ਐਸ ਐਸ ਤੇ ਭਾਜਪਾ ਦੀ ਹਕੂਮਤ ਦੇ ਝਾਂਸੇ ‘ਚ ਨਹੀਂ ਆਵੇਗਾ ਅਤੇ ਇਸਦੇ ਕਿਸਾਨਾਂ ਮਜ਼ਦੂਰਾਂ ਤੇ ਵੰਡੀਆਂ ਪਾਉਣ ਦੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਵੇਗਾ। ਉਹਨਾਂ ਮਜ਼ਦੂਰ ਤੇ ਦਲਿਤ ਭਾਈਚਾਰੇ ਨੂੰ ਸੱਦਾ ਕਿ ਉਹ ਖੇਤੀ ਕਾਨੂੰਨਾਂ ਦੇ ਮਜ਼ਦੂਰਾਂ ਉਤੇ ਪੈਣ ਵਾਲੇ ਮਾਰੂ ਅਸਰਾਂ ਅਤੇ ਭਾਜਪਾ ਦੇ ਦਲਿਤ ਤੇ ਲੋਕ ਵਿਰੋਧੀ ਕਿਰਦਾਰ ਨੂੰ ਸਮਝਦੇ ਹੋਏ ਤਾਨਾਸ਼ਾਹ ਸਰਕਾਰ ਦੇ ਵਿਰੋਧ ਲਈ ਅੱਗੇ ਆਉਣਾ ਪਵੇਗਾ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਤਹਿਸੀਲ ਪ੍ਰਧਾਨ ਬਲਵਿੰਦਰ ਕੌਰ ਦਿਆਲਪੁਰ, ਗੁਰਪ੍ਰੀਤ ਸਿੰਘ ਚੀਦਾ,ਨੌਜਵਾਨ ਭਾਰਤ ਸਭਾ ਦੇ ਵੀਰ ਕੁਮਾਰ, ਇੰਦਰਜੀਤ ਸਿੰਘ,ਕਿਰਤੀ ਕਿਸਾਨ ਯੂਨੀਅਨ ਦੇ ਜਗਰੂਪ ਸਿੰਘ,ਯੂਥ ਏਕਤਾ ਦਲ ਦੇ ਪ੍ਰਧਾਨ ਪੰਕਜ਼ ਕਲਿਆਣ ਤੇ ਦਲਿਤ ਆਗੂ ਜੀਵਨ ਸੱਭਰਵਾਲ,ਗੌਰਵ ਮੱਲੀ ਆਦਿ ਨੇ ਸੰਬੋਧਨ ਕੀਤਾ।

LEAVE A REPLY