ਜਲੰਧਰ (ਮੁਨੀਸ਼ ਤੋਖੀ / ਅਨਿਲ) ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਜਥੇਬੰਦੀਆਂ ਦੀ ਕਸ਼ਮੀਰ ਸਿੰਘ ਘੁੱਗਸ਼ੋਰ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਸੀ ।ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਕਾਰਪੋਰੇਟ ਤੇ ਸਰਕਾਰ ਵਿਰੋਧੀ ਦਿਵਸ ਮਨਾਉਂਦੇ ਹੋਏ 15 ਮਾਰਚ ਨੂੰ ਰੇਲਵੇ ਸਟੇਸ਼ਨਾਂ ਉੱਤੇ ਮੁਲਾਜ਼ਮਾਂ ਨਾਲ ਮਿਲ ਕੇ ਨਿੱਜੀਕਰਨ ਖਿਲਾਫ਼ ਜਲੰਧਰ ਸ਼ਹਿਰੀ, ਜਲੰਧਰ ਕੈਂਟ,ਅਤੇ ਫਿਲੌਰ ਸਟੇਸ਼ਨਾਂ ਉੱਤੇ ਧਰਨੇ ਲਾਏ ਜਾਣਗੇ।17 ਮਾਰਚ ਨੂੰ ਟਰਾਂਸਪੋਰਟਰ ਅਤੇ ਵਿਪਾਰਕ ਜਥੇਬੰਦੀਆਂ ਨਾਲ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਇਕ ਪਾਸੇ ਕਿਸਾਨਾਂ-ਮਜ਼ਦੂਰਾਂ ਦਾ ਉਜਾੜਾ ਕਰ ਰਹੀ ਹੈ,ਦੂਸਰੇ ਪਾਸੇ ਲਗਾਤਾਰ ਤੇਲ ਕੀਮਤਾਂ ਚ ਵਾਧਾ ਕਰਕੇ ਆਮ ਲੋਕਾਂ ਦਾ ਮਹਿੰਗਾਈ ਨਾਲ ਕਚੂੰਬਰ ਕੱਢ ਰਹੀ ਹੈ। ਵੱਖ-ਵੱਖ ਮਹਿਕਮਿਆਂ ਵਾਂਗ ਰੇਲਵੇ ਨੂੰ ਵੀ ਪ੍ਰਾਈਵੇਟ ਹੱਥਾਂ ਚ ਸੌਂਪ ਕਿ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਬੰਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਹਵਾਈ ਜਹਾਜ਼ਾਂ ਨੂੰ ਦਿੱਤਾ ਜਾ ਰਿਹਾ ਤੇਲ 60 ਰੁਪਏ ਦੇ ਕਰੀਬ ਹੈ। ਮੋਦੀ ਸਰਕਾਰ ਨੇ ਪਹਿਲਾਂ ਹੀ ਕਈ ਹਵਾਈ ਅੱਡੇ ਤੇ ਹਵਾਈ ਕੰਪਨੀਆ ਪ੍ਰਾਈਵੇਟ ਹੱਥਾਂ ਚ ਸੋਂਪੀਆ ਹੋਈਆਂ ਹਨ। ਇਸ ਤਰ੍ਹਾਂ ਮੋਦੀ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਮੁਨਾਫ਼ੇ ਪਹੁੰਚਾ ਰਹੇ ਹਨ। ਇਸੇ ਤਰ੍ਹਾਂ ਹੀ ਰਸੋਈ ਗੈਸ ਜੋ ਪਹਿਲਾਂ 574 ਰੁਪਏ ਸੀ ਹੁਣ 819 ਰੁਪਏ ਕਰ ਦਿੱਤਾ ਹੈ ਜੋ ਲੋਕਾਂ ਤੇ ਵੱਡਾ ਆਰਥਿਕ ਬੋਝ ਲੱਦਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ ਨੂੰ ਚਾਰ ਮਹੀਨੇ ਹੋ ਚੱਲੇ, ਸਰਕਾਰ ਟੱਸ ਤੋੰ ਮੱਸ ਨਹੀਂ ਹੋ ਰਹੀ। ਸਰਕਾਰ ਦਾ ਮਨਸਾ ਲੋਕਾਂ ਨੂੰ ਹੰਭਾਉਣ ਥਕਾਉਣ ਵਾਲਾ ਹੈ।ਸਰਕਾਰ ਦਾ ਇਹ ਭਰਮ ਲੋਕ ਜ਼ਰੂਰ ਤੋੜਨਗੇ।ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਦਿਨੋਂ-ਦਿਨ ਅੰਦੋਲਨ ਫੈਲ ਰਿਹਾ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਬੂਟਾ ਸਿੰਘ ਸ਼ਾਦੀਪੁਰ,ਹਰਦੀਪ ਸਿੰਘ, ਬੀਕੇਯੂ (ਰਾਜੇਵਾਲ) ਦੇ ਪ੍ਰਧਾਨ ਕਸ਼ਮੀਰ ਜੰਡਿਆਲਾ, ਮਨਦੀਪ ਸਿੰਘ, ਕੁਲਵਿੰਦਰ ਸਿੰਘ ਮਛਿਆਣਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਪੱਲਣ, ਬਲਦੇਵ ਨੂਰਪੁਰੀ,ਬੀਕੇਯੂ (ਕਾਦੀਆਂ) ਦੇ ਆਗੂ ਤੀਰਥ ਸਿੰਘ, ਕਮਲਜੀਤ ਸਿੰਘ, ਕੇਵਲ ਸਿੰਘ,ਬੀਕੇਯੂ (ਲੱਖੋਵਾਲ) ਦੇ ਆਗੂ ਮੇਜਰ ਸਿੰਘ,ਪਰਮਿੰਦਰ ਸਿੰਘ, ਸੁਖਜਿੰਦਰ ਸਿੰਘ,ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਥੰਮੂਵਾਲ ਆਦਿ ਹਾਜ਼ਰ ਸਨ।

 

LEAVE A REPLY