ਮਾਨਸਾ 13 ਮਾਰਚ:-ਗੁਰਜੰਟ ਸਿੰਘ ਬਾਜੇਵਾਲੀਆ:- ਜੇਕਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਚੁੰਗਲ ‘ਚ ਜਾਣ ਤੋਂ ਬਚਾਉਣਾ ਹੈ ਤਾਂ ਦੇਸ਼ ਦੇ ਲੋਕਾਂ ਨੂੰ ਦੇਸ਼ ਨੂੰ ਭਾਜਪਾ ਮੁਕਤ ਕਰਨਾ ਹੋਵੇਗਾ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਪ੍ਰੈੱਸ ਨਾਲ ਕੀਤੀ ਮਿਲਣੀ ਦੌਰਾਨ ਕੀਤਾ। ਉਹਨਾਂ ਕਿਹਾ ਕਿ ਦੇਸ਼ ਅੰਦਰ ਜਿਸ ਤਰਾਂ ਦੋ ਕਾਰਪੋਰੇਟ ਘਰਾਣਿਆਂ ਨੂੰ ਉਭਾਰਿਆ ਜਾ ਰਿਹਾ ਹੈ ਅਤੇ ਦੇਸ਼ ਦਾ ਸਭ ਕੁਝ ਅੰਬਾਨੀਆਂ ਅੰਡਾਨੀਆਂ ਨੂੰ ਸੌਂਪਿਆ ਜਾ ਰਿਹਾ ਹੈ ਤਾਂ ਜਲਦੀ ਹੀ ਦੇਸ਼ ਕੰਪਨੀਆਂ ਦਾ ਗੁਲਾਮ ਹੋ ਜਾਵੇਗਾ। ਦੇਸ਼ ਦੀ ਮੋਦੀ ਸਰਕਾਰ ਰੇਲਵੇ, ਪੈਟਰੋਲੀਅਮ, ਖਾਦ, ਹਵਾਈ ਅੱਡੇ, ਬੈਂਕ, ਵਿਦਿਆ, ਸਿਹਤ ਸਹੂਲਤਾਂ, ਦੂਰ ਸੰਚਾਰ ਅਾਦਿ ਨੂੰ ਇਕ ਇਕ ਕਰਕੇ ਨਿੱਜੀ ਹੱਥਾਂ ਵਿਚ ਸੌਂਪ ਰਹੀ ਹੈ ।

ਹੁਣ ਮੋਦੀ ਸਰਕਾਰ ਦੀ ਅੱਖ ਖੇਤੀ ਉਪਰ ਹੈ ਜਿਸ ਨੂੰ ਉਹ ਕਿਸਾਨਾਂ ਤੋਂ ਖੋਹਕੇ ਆਪਣੇ ਚਹੇਤਿਆਂ ਨੂੰ ਸੌਂਪਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਦੇਸ਼ ਵਿਚ ਲਾਗੂ ਹੋਣ ਨਾਲ ਦੇਸ਼ ਵਿੱਚ ਆਟਾ ਤੇ ਹੋਰ ਖੇਤੀ ਉਤਪਾਦ ਲੇਜਾਂ ਵਾਂਗ ਪੈਕਟਾਂ ਵਿਚ ਮਿਲਣਗੇ। ਉਹਨਾਂ ਕੈਪਟਨ ਸਰਕਾਰ ਦੀ ਅਲੋਚਨਾ ਕਰਦਿਆਂਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਪਾਸੇ ਕਿਸਾਨਾਂ ਦਾ ਹਿਤੈਸ਼ੀ ਕਹਾਉਣ ਦਾ ਡਰਾਮਾ ਕਰ ਰਿਹਾ ਹੈ। ਪਰ ਦੂਸਰੇ ਪਾਸੇ ਉਹ ਮੋਦੀ ਦੇ ਰਸਤੇ ਤੇ ਹੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਅੰਬਾਨੀਆਂ ਦੇ ਜੀਓ ਨੂੰ ਸਰਕਾਰੀ ਦਫਤਰਾਂ ਵਿਚ ਦਾਖਲਾ ਦੇ ਰਹੀ ਹੈ ਅਤੇ ਕਰੋਨਾਂ ਦੇ ਬਹਾਨੇ ਪਾਬੰਦੀਆਂ ਲਾਕੇ ਮੋਦੀ ਦੇ ਮਨਸੂਬਿਅਾਂ ਨੂੰ ਕਾਮਯਾਬ ਕਰਨ ਦੀ ਕੋਸ਼ਿਸ ਕਰ ਰਹੀ ਹੈ। ਇਸ ਸਮੇਂ ਉਹਨਾਂ ਨਾਲ ਆਲ ਇੰਡੀਆ ਕਿਸਾਨ ਮਹਾਂਸਭਾ ਦੇ ਕੌਮੀ ਮੀਤ ਪ੍ਰਧਾਨ ਪ੍ਰੇਮ ਸਿੰਘ ਗਹਿਲਾਵਤ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਹਾਜ਼ਰ ਸਨI

LEAVE A REPLY