ਮਾਨਸਾ :-;ਗੁਰਜੰਟ ਸਿੰਘ ਬਾਜੇਵਾਲੀਆ:- ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਚ ਚੱਲ ਰਹੇ ਕਿਸਾਨ ਅੰਦੋਲਨ ’ਚ ਕਿਸਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਮੋਰਚੇ ’ਚ ਮਨਾਏ ਗਏ ਮਹਿਲਾ ਦਿਵਸ ’ਚ ਸ਼ਾਮਿਲ ਹੋਣ ਗਈ ਜ਼ਿਲਾ ਦੇ ਪਿੰਡ ਭੈਣੀਬਾਘਾ ਦੀ ਮਹਿਲਾ ਦੀ ਵਾਪਸੀ ਵੇਲੇ ਫਤਿਹਾਬਾਦ ਨੇੜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿ੍ਰਤਕਾ ਦਾ ਸਸਕਾਰ ਅੱਜ ਭੈਣੀਬਾਘਾ ਵਿਖੇ ਕੀਤਾ ਜਾਵੇਗਾ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਨਾਂ ਦੇ ਪਿੰਡ ਦੀਆਂ ਮਹਿਲਾਵਾਂ ਦਾ 55 ਮੈਂਬਰੀ ਜਥਾ 8 ਮਾਰਚ ਨੂੰ ਦਿੱਲੀ ਕਿਸਾਨ ਅੰਦੋਲਨ ’ਚ ਮਨਾਏ ਗਏ ਮਹਿਲਾ ਦਿਵਸ ’ਚ ਸ਼ਾਮਿਲ ਹੋਇਆ ਸੀ। ਇਸ ਜਥੇ ’ਚ ਸੁਖਪਾਲ ਕੌਰ (50) ਵਾਸੀ ਭੈਣੀਬਾਘਾ ਵੀ ਸ਼ਾਮਿਲ ਸੀ। ਕੱਲ ਜਦੋਂ ਮਹਿਲਾਵਾਂ ਦਾ ਇਹ ਜਥਾ ਵਾਪਿਸ ਆ ਰਿਹਾ ਸੀ ਤਾਂ ਹਰਿਆਣਾ ਦੇ ਫਤਿਹਾਬਾਦ ਨੇੜੇ ਦਿਲ ਦਾ ਦੌਰਾ ਪੈਣ ਕਾਰਨ ਸੁਖਪਾਲ ਕੌਰ ਦੀ ਮੌਤ ਹੋ ਗਈ। ਕਿਸਾਨ ਆਗੂ ਰਾਮ ਸਿੰਘ ਨੇ ਦੱਸਿਆ ਕਿ ਸੁਖਪਾਲ ਕੌਰ ਦੀ ਮਿ੍ਰਤਕ ਦੇਹ ਫਤਿਹਾਬਾਦ ਦੇ ਸਿਵਲ ਹਸਪਤਾਲ ’ਚ ਰੱਖੀ ਹੋਈ ਹੈ ਜਿੱਥੋਂ ਪੋਸਟਮਾਰਟਮ ਮਗਰੋਂ ਉਨਾਂ ਦਾ ਪਿੰਡ ਭੈਣੀਬਾਘਾ ਵਿਖੇ ਸਸਕਾਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸੁਖਪਾਲ ਕੌਰ ਦਿੱਲੀ ਮੋਰਚੇ ’ਚ ਸ਼ਾਮਿਲ ਹੋਣ ਲਈ ਦੂਜੀ ਵਾਰ ਗਈ ਸੀ। ਮਿ੍ਰਤਕ ਮਹਿਲਾ ਦਾ ਪਿਤਾ ਇੰਦਰ ਸਿੰਘ ਭੈਣੀਬਾਘਾ ਵੀ ਕਿਸਾਨ ਆਗੂ ਸਨ।

ਜ਼ਿਲਾ ਮਾਨਸਾ ਨਾਲ ਸਬੰਧਿਤ ਤੀਜੀ ਮਹਿਲਾ ਦੀ ਮੌਤ

ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਇਸ ਅੰਦੋਲਨ ’ਚ ਜ਼ਿਲਾ ਮਾਨਸਾ ਨਾਲ ਸਬੰਧਿਤ ਕਰੀਬ ਇੱਕ ਦਰਜ਼ਨ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਨਾਂ ’ਚ ਤਿੰਨ ਮਹਿਲਾਵਾਂ ਵੀ ਸ਼ਾਮਿਲ ਹਨ। ਬੁਢਲਾਡਾ ਰੇਲਵੇ ਲਾਈਨ ’ਤੇ ਪਿੰਡ ਬਰੇ ਨਾਲ ਸਬੰਧਿਤ ਮਹਿਲਾ, ਮਾਨਸਾ ਨਾਲ ਸਬੰਧਿਤ ਮਜ਼ਦੂਰ ਮੁਕਤੀ ਮੋਰਚਾ ਦੀ ਆਗੂ ਅਤੇ ਤੀਜੀ ਪਿੰਡ ਭੈਣੀਬਾਘਾ ਨਾਲ ਸਬੰਧਿਤ ਸੁਖਪਾਲ ਕੌਰ ਦੀ ਮੌਤ ਹੋ ਚੁੱਕੀ ਹੈ।

.

LEAVE A REPLY