ਮਾਨਸਾ:-ਗੁਰਜੰਟ ਸਿੰਘ ਬਾਜੇਵਾਲੀਆ:- ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡਾਂ ਦੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਆਧੁਨਿਕ ਖੇਡ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਬਲਾਕ ਮਾਨਸਾ ਦੇ 6 ਪਿੰਡਾਂ ਵਿੱਚ ਇਨ੍ਹੀਂ ਦਿਨੀਂ ਖੇਡ ਸਟੇਡੀਅਮਾਂ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਨਵਨੀਤ ਜੋਸ਼ੀ ਨੇ ਬਲਾਕ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਖੇਡ ਸਟੇਡੀਅਮਾਂ ਦੀ ਉਸਾਰੀ ਸਬੰਧੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਸ਼੍ਰੀ ਜੋਸ਼ੀ ਨੇ ਦੱਸਿਆ ਕਿ 6 ਪਿੰਡਾਂ ਵਿੱਚ ਕਰੀਬ 1.7 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਬਾਸਕਟਬਾਲ, ਬੈਡਮਿੰਟਨ, ਵਾਲੀਬਾਲ ਆਦਿ ਖੇਡਾਂ ਲਈ ਆਧੁਨਿਕ ਖੇਡ ਮੈਦਾਨਾਂ ਤੋਂ ਇਲਾਵਾ  ਸੈਰ ਕਰਨ ਵਾਲਿਆਂ ਲਈ ਟਰੈਕ ਵੀ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਬੱਚਿਆਂ ਤੇ ਨੌਜਵਾਨਾਂ ਦੇ ਨਾਲ ਨਾਲ ਹਰੇਕ ਉਮਰ ਵਰਗ ਦੇ ਲੋਕ ਆਪਣੀ ਲੋੜ ਮੁਤਾਬਕ ਇਨ੍ਹਾਂ ਸਟੇਡੀਅਮਾਂ ਨਾਲ ਜੁੜ ਸਕਣ। ਸ਼੍ਰੀ ਜੋਸ਼ੀ ਨੇ ਕਿਹਾ ਕਿ ਖੇਡ ਸਟੇਡੀਅਮਾਂ ਦੇ ਬਣਨ ਨਾਲ ਪਿੰਡਾਂ ਵਿੱਚ ਖੇਡ ਸਰਗਰਮੀਆਂ ਵਿੱਚ ਵਾਧਾ ਹੋ ਸਕੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦੇ ਖਿਡਾਰੀ ਜ਼ਿਲ੍ਹਾ ਜਾਂ ਰਾਜ ਪੱਧਰ ‘ਤੇ ਹੋਣ ਵਾਲੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਣ ਦੇ ਸਮਰੱਥ ਬਣਨਗੇ।

ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਅਤੇ 14ਵੇਂ ਵਿੱਤ ਕਮਿਸ਼ਨ ਤਹਿਤ ਤਿਆਰ ਕਰਵਾਏ ਜਾ ਰਹੇ ਇਨ੍ਹਾਂ ਖੇਡ ਸਟੇਡੀਅਮਾਂ ਦੇ ਬਣਨ ਨਾਲ ਨੇੜਲੇ ਪਿੰਡਾਂ ਦੇ ਖਿਡਾਰੀਆਂ ਨੂੰ ਵੀ ਖੇਡਣ ਲਈ ਦੂਰ ਦੁਰਾਡੇ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਮਾਨਸਾ ਦੇ ਪਿੰਡ ਮਾਨ ਬੀਬੜੀਆਂ, ਖੋਖਰ ਕਲਾਂ, ਖੋਖਰ ਖੁਰਦ, ਕਰਮਗੜ੍ਹ ਊਤਾਂਵਾਲੀ, ਨੰਗਲ ਕਲਾਂ ਤੇ ਭੈਣੀ ਬਾਘਾ ਵਿਖੇ ਇਹ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ।

.

 

LEAVE A REPLY