ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਸਿਹਤ ਵਿਭਾਗ ਮਾਨਸਾ ਵੱਲੋਂ ਰਾਸ਼ਟਰੀ ਬੋਲਾਪਣ ਬਚਾਅ ਅਤੇ ਕੰਟਰੋਲ ਪ੍ਰੋਗਰਾਮ ਤਹਿਤ ਅੱਜ ਅੰਤਰਰਾਸ਼ਟਰੀ ਕੰਨ ਦੇਖਭਾਲ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਚੇਤਨਾ ਸੈਮੀਨਾਰ ਅਤੇ ਮੁਫ਼ਤ ਚੈਕਅੱਪ ਕੈਂਪ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਕੀਤਾ ਗਿਆ। ਇਸ ਸੈਮੀਨਾਰ ਵਿਚ ਸਿਵਲ ਸਰਜਨ ਮਾਨਸਾ ਡਾ. ਸੁਖਵਿੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ।

ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਕੰਨ ਸਾਡੇ ਸਰੀਰ ਦਾ ਅਹਿਮ ਅੰਗ ਹਨ, ਜਿੰਨ੍ਹਾਂ ਦੀ ਦੇਖਭਾਲ ਅਤੇ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਕੰਨਾਂ ਲਈ ਸਾਵਧਾਨੀ ਨਾ ਵਰਤਣ ਕਾਰਨ ਬਹੁਤ ਸਾਰੇ ਲੋਕ ਬੋਲੇਪਣ ਦਾ ਸ਼ਿਕਾਰ ਹੋ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਹੋਰਨਾਂ ਬਿਮਾਰੀਆਂ ਦੇ ਨਾਲ ਕੰਨਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਵੀ ਵਿਸ਼ੇਸ਼ ਉਪਰਾਲੇ ਆਰੰਭੇ ਗਏ ਹਨ। ਇਸ ਲਈ ਸਰਕਾਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕਰਨ। ਇਸ ਮੌਕੇ ਵਿਦਿਆਰਥੀਆਂ ਨੂੰ ਕਰੋਨਾ ਮਹਾਂਮਾਰੀ ਬਾਰੇ ਵੀ ਜਾਗਰੂਕ ਕੀਤਾ।

ਜ਼ਿਲ੍ਹਾ ਨੋਡਲ ਅਫਸਰ ਐਨ.ਪੀ.ਪੀ.ਸੀ.ਡੀ. ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਕੰਨਾਂ ਵਿੱਚ ਪਾਣੀ ਅਤੇ ਕਿਸੇ ਕਿਸਮ ਦਾ ਤਰਲ ਪਦਾਰਥ ਨਹੀਂ ਜਾਣ ਦੇਣਾ ਚਾਹੀਦਾ। ਕੰਨਾਂ ਨੂੰ ਹਮੇਸ਼ਾ ਸਾਫ਼ ਅਤੇ ਨਰਮ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਨਾਂ ਵਿੱਚੋਂ ਵਗ ਰਹੀ ਪੀਕ ਤੋਂ ਬਦਬੂ ਆਉਣਾ ਜਾਂ ਉਸ ਵਿਚ ਖੂਨ ਆਉਣਾ ਗੰਭੀਰ ਰੋਗ ਦੇ ਲੱਛਣ ਹੋ ਸਕਦੇ ਹਨ। ਉਨਾਂ ਨੇ ਕੰਨਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਕੰਨਾਂ ਵਿਚ ਖਾਰਿਸ਼ ਹੋਣ ’ਤੇ ਨੁਕੀਲੀਆਂ ਚੀਜਾਂ ਨਾ ਮਾਰੋ ਅਤੇ ਨਾ ਹੀ ਗੰਦਾ ਪਾਣੀ ਪੈਣ ਦਿਓ। ਇਸ ਤੋਂ ਇਲਾਵਾ ਕੰਨਾਂ ਨੂੰ ਤੇਜ਼ ਅਵਾਜ਼ ਤੋਂ ਬਚਾਓ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕਿਸੇ ਬੱਚੇ ਜਾਂ ਵੱਡੇ ਦੇ ਕੰਨ ’ਤੇ ਨਹੀਂ ਮਾਰਨਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਸਬ ਸੈਂਟਰ ਜਾਂ ਪਿੰਡ ਪੱਧਰ ’ਤੇ ਜਿੱਥੇ ਜਣੇਪੇ ਸਮੇਂ ਮਾਹਿਰ ਕੰਨਾਂ ਦਾ ਡਾਕਟਰ ਉਪਲਬਧ ਨਹੀਂ ਹੁੰਦਾ, ਤਾਂ ਬੱਚੇ ਦੀ ਸੁਣਨ ਸ਼ਕਤੀ ਦਾ ਕੌਲੀ, ਚਮਚ ਖੜਕਾ ਕੇ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਕੌਲੀ, ਚਮਚ ਦੀ ਅਵਾਜ਼ ਤੋਂ ਬੱਚਾ ਅੱਖਾਂ ਝਪਕਦਾ ਹੈ ਜਾਂ ਕੋਈ ਹਰਕਤ ਕਰਦਾ ਹੈ ਤਾਂ ਪਤਾ ਚਲ ਜਾਂਦਾ ਹੈ ਕਿ ਉਸ ਨੂੰ ਸੁਣਦਾ ਹੈ, ਜੇਕਰ ਕੋਈ ਹਰਕਤ ਨਹੀਂ ਹੁੰਦੀ ਤਾਂ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੰਨਾਂ ਦੀਆਂ ਬਿਮਾਰੀਆਂ ਸੰਬੰਧੀ ਇਹ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਇਸ ਨਾਲ ਜੁੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਅਤੇ ਬੁਜ਼ਰਗਾਂ ’ਤੇ ਖਾਸ ਧਿਆਨ ਕੇਂਦਰਿਤ ਕਰਕੇ ਕੰਨਾਂ ਦੀਆਂ ਬਿਮਾਰੀਆਂ ਤੋਂ ਨਿਜਾਤ ਦਵਾਉਣ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਮੁਫਤ ਚੈਕਅੱਪ ਦੌਰਾਨ ਬੱਚਿਆਂ ਦੇ ਕੰਨਾਂ ਦੀ ਜਾਂਚ ਕੀਤੀ ਗਈ ਅਤੇ ਉਨਾਂ ਨੂੰ ਬੋਲੇਪਣ ਤੋਂ ਬਚਾਅ ਅਤੇ ਕੰਨਾਂ ਦੀ ਦੇਖਭਾਲ ਲਈ ਸਾਵਧਾਨੀਆਂ ਵੀ ਦੱਸੀਆ ਗਈਆ।

ਸਕੂਲ ਪਿ੍ਰੰਸੀਪਲ ਦਰਸ਼ਨ ਸਿੰਘ ਬਰੇਟਾ ਨੇ ਸਿਹਤ ਵਿਭਾਗ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਾਹਿਰਾਂ ਵੱਲੋਂ ਦੱਸੀਆਂ ਗਈਆਂ ਗੱਲਾਂ ਨੂੰ ਜੀਵਨ ਵਿਚ ਅਪਣਾਉਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਆਰ ਮੈਡੀਕਲ ਅਫਸਰ ਡਾ. ਗੁਰਚੇਤਨ ਪ੍ਰਕਾਸ਼, ਜ਼ਿਲ੍ਹਾ ਮਾਸ ਮੀਡੀਆ ਅਫਸਰ ਸੁਖਮਿੰਦਰ ਸਿੰਘ, ਸਿਹਤ ਸੁਪਰਵਾਈਜ਼ਰ ਭੁਪਿੰਦਰ ਸਿੰਘ, ਸਿਹਤ ਕਰਮਚਾਰੀ ਜਗਦੀਸ਼ ਰਾਏ, ਬੂਟਾ ਸਿੰਘ, ਲਖਵੀਰ ਸਿੰਘ ਤੇ ਸਕੂਲ ਅਧਿਆਪਕ ਦੇਸਰਾਜ ਸਿੰਘ, ਅਜੈ ਕੁਮਾਰ, ਸਤੀਸ਼ ਕੁਮਾਰ, ਟੀਨੂੰ ਰਾਏ ਗਰਗ ਤੋਂ ਇਲਾਵਾ ਹੋਰ ਵੀ ਮੌਜੂਦ ਸਨ

.

LEAVE A REPLY