ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਚਿੱਟੀ ਮੱਖੀ ਦੀ ਅਗਾਉਂ ਰੋਕਥਾਮ ਲਈ ਚਿੱਟੀ ਮੱਖੀ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰਨ ਲਈ ਮੁਹਿੰਮ ਚਲਾਉਣ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸਨਰ ਵੱਲੋਂ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਦੇ ਸੰਭਾਵੀ ਹਮਲੇ ਤੋਂ ਬਚਾਉਣ ਲਈ ਸੜਕਾਂ ਦੇ ਕੰਢਿਆਂ, ਨਹਿਰਾਂ, ਕੱਸੀਆਂ ਅਤੇ ਡਰੇਨਾਂ ਦੇ ਕੰਢਿਆਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਉਗੇ ਨਦੀਨ ਜਿਵੇਂ ਗਾਜਰ ਘਾਹ, ਪੀਲੀ ਬੂਟੀ, ਕੰਘੀ ਬੂਟੀ, ਗੁੱਤ ਪੁੱਟਣਾ, ਪੁੱਠਕੰਡਾ, ਚਿੱਬੜ ਵੇਲ, ਕਮੋਅ ਅਤੇ ਕੰਘੀ ਬੂਟੀ ਆਦਿ ਜਿੰਨਾਂ ’ਤੇ ਚਿੱਟੀ ਮੱਖੀ ਪਨਾਹ ਲੈਂਦੀ ਹੈ, ਨੂੰ ਨਸ਼ਟ ਕਰਨ ਲਈ ਮੁਹਿੰਮ ਚਲਾਉਣ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ, ਤਾਂ ਜੋ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਦੇ ਸੰਭਾਵੀ ਹਮਲੇ ਤੋਂ ਬਚਾਅ ਕੇ ਕਾਮਯਾਬ ਕੀਤਾ ਜਾ ਸਕੇ।

ਡਿਪਟੀ ਕਮਿਸਨਰ ਨੇ ਸਬੰਧਤ ਉਪ ਮੰਡਲ ਮੈਜਿਸਟੇ੍ਰਟ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਇਸ ਮੁਹਿੰਮ ਦੀ ਪੂਰੀ ਨਿਗਰਾਨੀ ਰੱਖਣ ਲਈ ਕਿਹਾ ਗਿਆ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਥਾਵਾਂ ਵਿੱਚੋਂ ਨਦੀਨਾਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਕੇ ਸਾਰੇ ਪਿੰਡਾਂ ਵਿੱਚ ਨਦੀਨ ਨਸਟ ਕਰਨ ਸਬੰਧੀ ਮੁਹਿੰਮ ਚਲਾਈ ਜਾਵੇ ਅਤੇ ਇਹ ਕੰਮ 15 ਮਾਰਚ 2021 ਤੱਕ ਹਰ ਹਾਲਤ ਵਿੱਚ ਮੁਕੰਮਲ ਕੀਤਾ ਜਾਵੇ।

ਮੁੱਖ ਖੇਤੀਬਾੜੀ ਅਫਸਰ ਡਾ: ਮਨਜੀਤ ਸਿੰਘ ਨੇ ਮੀਟਿੰਗ ਦੌਰਾਨ ਦੱਸਿਆ ਕਿ ਚਿੱਟੀ ਮੱਖੀ ਅਤੇ ਮੱਛਰ ਇਨ੍ਹਾਂ ਨਦੀਨਾਂ ਦੀ ਹੀ ਪਨਾਹ ਲੈਂਦੇ ਹਨ ਅਤੇ ਜਦੋਂ ਮੌਸਮ ਢੁਕਵਾਂ ਹੁੰਦਾ ਹੈ, ਤਾਂ ਉਹ ਨਰਮੇ ਦੀ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ।ਇਸ ਮੌਕੇ ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ ਅਤੇ ਐਸ.ਡੀ.ਐਮ. ਬੁਢਲਾਡਾ ਸ਼੍ਰੀ ਸਾਗਰ ਸੇਤੀਆ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

LEAVE A REPLY