(ਪੰਜਾਬ ਦੈਨਿਕ ਨਿਊਜ਼) ਗੁਰਜੰਟ ਸਿੰਘ  ਬਾਜੇਵਾਲੀਆ  ਮਾਨਸਾ 26 ਜਨਵਰੀ: ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦਿਹਾਤੀ ਖੇਤਰਾਂ ਵਿੱਚ ਆਪਣੇ ਦੌਰੇ ਦੌਰਾਨ ਪਿੰਡ ਚੱਕ ਭਾਈ ਕੇ ਵਿਖੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੁਆਰਾ ਕੁਦਰਤੀ ਵਾਤਾਵਰਣ ਵਿੱਚ ਸਥਾਪਤ ਕੀਤੇ ਜਾ ਰਹੇ ‘ਨੇਚਰ ਪਾਰਕ’ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਹਰਿਆਵਲ ਭਰਪੂਰ ਆਲੇ ਦੁਆਲੇ ਨਾਲ ਵਿਕਸਤ ਕੀਤੇ ਜਾ ਰਹੇ ਨੇਚਰ ਪਾਰਕ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੁੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਥਾਨ ਮੁਕੰਮਲ ਰੂਪ ਵਿੱਚ ਤਿਆਰ ਹੋਣ ਮਗਰੋਂ ਨਾ ਕੇਵਲ ਪਿੰਡਾਂ ਬਲਕਿ ਆਲੇ ਦੁਆਲੇ ਦੇ ਖੇਤਰਾਂ ਦੇ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ। ਕੈਬਨਿਟ ਮੰਤਰੀ ਨੇ ਨੇਚਰ ਪਾਰਕ ਦੇ ਨੀਂਹ ਪੱਥਰ ਦੀ ਰਸਮ ਮੌਕੇ ਬੂਟਾ ਵੀ ਲਗਾਇਆ ਅਤੇ ਇਸ ਨੂੰ ਵਧੇਰੇ ਦਿਲਚਸਪੀ ਨਾਲ ਵਿਕਸਤ ਕਰਨ ਦੀ ਲੋੜ ‘ਤੇ ਜੋਰ ਦਿੰਦਿਆਂ ਕਿਹਾ ਕਿ ਲੋਕਾਂ ਦੀ ਕੁਦਰਤ ਨਾਲ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਇਹ ਇੱਕ ਮਿਸਾਲ ਬਣ ਸਕੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿੱਚ ਹਰਿਆਲੀ ਭਰਪੂਰ ਵਾਤਾਵਰਣ ਵਿਕਸਤ ਕਰਨ ਲਈ ਸਰਕਾਰ ਸਰਗਰਮ ਹੈ ਅਤੇ ਇਹ ਪਾਰਕ ਵੀ ਮੁਕੰਮਲ ਹੋਣ ਮਗਰੋਂ ਅਜਿਹੇ ਹੀ ਉਦੇਸ਼ਾਂ ਦੀ ਪੂਰਤੀ ਕਰਨ ਵਾਲਾ ਸਾਬਤ ਹੋਵੇਗਾ।ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਪਿੰਡ ਚੱਕ ਭਾਈਕੇ ਦੇ ਆਸ-ਪਾਸ ਦੇ ਪਿੰਡਾਂ ਨੂੰ ਵਾਤਾਵਰਣ ਨਾਲ ਜੋੜਨ ਲਈ ਅਤੇ ਬੱਚਿਆਂ ਲਈ ਪਿਕਨਿਕ ਦਾ ਇੱਕ ਸਥਾਨ ਤਿਆਰ ਕਰਨ ਲਈ ਹੀ ਪਿੰਡ ਚੱਕ ਭਾਈਕੇ ਵਿਖੇ ਜੰਗਲਾਤ ਵਿਭਾਗ ਦੀ ਨਰਸਰੀ, ਜੋ ਕਿ ਕਰੀਬ 42 ਏਕੜ ਵਿੱਚ ਫੈਲੀ ਹੋਈ ਹੈ, ਵਿੱਚ ਇਸ ਨੇਚਰ ਪਾਰਕ ਬਣਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਜਿਸ ਤਹਿਤ ਆਮ ਲੋਕਾਂ ਦੇ ਸੈਰ ਕਰਨ ਲਈ ਜੰਗਲ ਦੇ ਅੰਦਰ ਰਸਤੇ ਬਣਾਏ ਜਾਣਗੇ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜੰਗਲ ਅੰਦਰ ਛੋਟੇ-ਛੋਟੇ ਛੱਪੜਾਂ ਦੀ ਉਸਾਰੀ ਕੀਤੀ ਜਾਵੇਗੀ, ਜਿਸ ਵਿੱਚ ਮੀਂਹ ਦਾ ਪਾਣੀ ਇੱਕਠਾ ਕੀਤਾ ਜਾਵੇਗਾ ਅਤੇ ਉਸ ਦੇ ਆਸ-ਪਾਸ ਬੈਠਣ ਲਈ ਜਗ੍ਹਾ ਬਣਾਈ ਜਾਵੇਗੀ ਅਤੇ ਆਮ ਲੋਕਾਂ ਦੇ ਮਨੋਰੰਜਨ ਲਈ ਇਹ ਸਥਾਨ ਤਿਆਰ ਕੀਤੇ ਜਾਣਗੇ। ਸਮਾਗਮ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਬਿਕਰਮ ਸਿੰਘ ਮੋਫ਼ਰ, ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਕੁਲਵੰਤ ਰਾਏ ਸਿੰਗਲਾ, ਸੀਨੀਅਰ ਆਗੂ ਰਣਜੀਤ ਕੌਰ ਭੱਟੀ, ਡਿਪਟੀ ਕਮਿਸ਼ਨਰ ਮਹਿੰਦਰਪਾਲ, ਐਸ.ਐਸ.ਪੀ ਸੁਰੇਂਦਰ ਲਾਂਬਾ, ਐਸ.ਡੀ.ਐਮ ਸਾਗਰ ਸੇਤੀਆ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਮੌਜੂਦ ਸਨI

LEAVE A REPLY